FAQ_PJB

ਤੁਹਾਡੇ ਸਵਾਲਾਂ ਦੇ ਜਵਾਬ (ਅਕਸਰ ਪੁੱਛੇ ਜਾਂਦੇ ਸਵਾਲ)

  • 6 ਫਰਵਰੀ 2020 ਨੂੰ ਬੀ ਸੀ ਸਰਕਾਰ ਨੇ ਆਪਣੇ ਨਵੇਂ ਇੰਸ਼ੋਰੈਂਸ ਮਾਡਲ, ਜਿਸ ਨੂੰ ਆਮ ਤੌਰ ‘ਤੇ ਜਾਂ ਤਾਂ “ਕੇਅਰ-ਬੇਸਡ” ਤੇ ਜਾਂ “ਨੋ ਫਾਲਟ” ਇੰਸ਼ੋਰੈਂਸ ਦੇ ਨਾਂਅ ਨਾਲ਼ ਜਾਣਿਆ ਜਾਂਦਾ ਹੈ, ਨੂੰ ਲਾਗੂ ਕਰਨ ਦੇ ਇਰਾਦੇ ਬਾਰੇ ਐਲਾਨ ਕੀਤਾ ਸੀ।

    ਨੋ ਫਾਲਟ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਲਾਪਰਵਾਹ ਡ੍ਰਾਈਵਰ ਕਾਰਨ ਕੀਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹੋ, ਤਾਂ ਉਹ ਡ੍ਰਾਈਵਰ ਵੀ ਉਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਦਾ ਹੱਕਦਾਰ ਹੈ, ਜਿਹੜੇ ਲਾਭ ਤੁਹਾਨੂੰ ਦੇਣ ਲਈ ਮਿਥੇ ਜਾਣਗੇ।

    ਨੋ ਫਾਲਟ ਸਿਸਟਮ ਦਾ ਇਹ ਵੀ ਮਤਲਬ ਹੈ ਕਿ, ਇਹ ਵੀ ਸੰਭਵ ਹੈ ਕਿ ਸ਼ਾਇਦ ਗੰਭੀਰ ਜ਼ਖ਼ਮੀ ਹੋਏ ਵਿਅਕਤੀਆਂ ਨੂੰ ICBC ਨਾਲ ਸਾਰੀ ਉਮਰ ਹੀ ਨਿਪਟਣਾ ਪੈ ਜਾਵੇ।  ਬਜਾਏ ਇਸ ਦੇ ਕਿ ਉਨ੍ਹਾਂ ਦੇ ਕੇਸ ਦਾ ਨਿਪਟਾਰਾ ਕਰਕੇ ਉਨ੍ਹਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਉਹ ਵਿਅਕਤੀ ਆਪਣੇ ਲਈ ਲੋੜੀਂਦੀ ਦੇਖ਼ਭਾਲ਼ ਦਾ ਪ੍ਰਬੰਧ ਕਰ ਸਕਣ, ਨੋ ਫਾਲਟ ਸਿਸਟਮ ਇਹ ਮੰਗ ਕਰਦਾ ਹੈ ਕਿ ਉਹ ਵਿਅਕਤੀ (ਜਾਂ ਉਨ੍ਹਾਂ ਦੇ ਪਰਿਵਾਰ) ਹਫ਼ਤੇ ਦਰ ਹਫ਼ਤੇ, ਮਹੀਨੇ ਦਰ ਮਹੀਨੇ, ਸਾਲ ਦਰ ਸਾਲ ਮੁੜ ਮੁੜ ਕੇ ICBC ਕੋਲ ਵਾਪਿਸ ਜਾ ਕੇ ਸਬੂਤ ਪੇਸ਼ ਕਰਨ, ਜਿਸ ਦਾ ਫੈਸਲਾ ਸਿਰਫ ਇਕੱਲੀ ICBC ਹੀ ਕਰੇਗੀ ਕਿ ਉਨ੍ਹਾਂ ਨੂੰ ਅਗਲੇ ਇਲਾਜ ਜਾਂ ਤਨਖਾਹ ਦੇ ਨੁਕਸਾਨ ਦੀ ਰਕਮ ਅਦਾ ਕਰਨ ਲਈ ਉਹ ਸਬੂਤ ਕਾਫੀ ਹਨ ਜਾਂ ਨਹੀਂ। 

    ਜੇਕਰ ਇੰਸ਼ੋਰੈਂਸ ਅਡਜਸਟਰ ਲੋੜੀਂਦੀ ਦੇਖਭਾਲ਼ ਜਾਂ ਤਨਖਾਹ ਦੇ ਨੁਕਸਾਨ ਦੀ ਰਕਮ ਅਦਾ ਕਰਨ ਤੋਂ ਨਾਂਹ ਕਰ ਦਿੰਦਾ ਹੈ, ਜਾਂ ਉਦਾਹਰਣ ਦੇ ਤੌਰ ‘ਤੇ, ਤੁਹਾਡੇ ‘ਤੇ ਦੋਸ਼ ਲਾ ਦੇਵੇ ਕਿ ਤੁਹਾਡੀ ਇਹ ਹਾਲਤ “ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ”, ਤਾਂ ਤੁਹਾਡੇ ਕੋਲ ਕਿਸੇ ਸੁਤੰਤਰ ਜੱਜ ਜਾਂ ਜਿਊਰੀ ਰਾਹੀਂ ਇਸ ਫੈਸਲੇ ਨੂੰ ਚੁਨੌਤੀ ਦੇਣ ਲਈ ਕੋਈ ਅਰਥ ਭਰਪੂਰ ਹੱਲ ਨਹੀਂ ਬਚਦਾ।  ਇਸ ਦੀ ਬਜਾਏ ਤੁਸੀਂ ਸਿਵਲ ਰੈਜ਼ੋਲੂਸ਼ਨ ਟ੍ਰਾਈਬਿਊਨਲ (“CRT”) ਰਾਹੀਂ ICBC ਨਿਰਪੱਖ ਕਮਿਸ਼ਨਰ, ਜਾਂ ਓਮਬਡਸਮੈਨ, ਜਿਹੜੇ ਕਿ ਸਾਰੇ ਹੀ ਸਰਕਾਰੀ ਕਰਮਚਾਰੀ ਹੁੰਦੇ ਹਨ ਤੇ ਸਰਕਾਰ ਦੁਆਰਾ ਹੀ ਨਿਯੁਕਤ ਕੀਤੇ ਗਏ ਹੁੰਦੇ ਹਨ, ਨੂੰ ਹੀ ਅਪੀਲ ਕਰਨ ਲਈ ਮਜ਼ਬੂਰ ਹੁੰਦੇ ਹੋ, ਅਤੇ ਅਖੀਰ ‘ਚ ਉਹ ਤਾਂ ਜਿਸ ਸਰਕਾਰ ਲਈ ਉਹ ਕੰਮ ਕਰਦੇ ਹਨ, ਉਸ ਸਰਕਾਰ ਦੇ ਵਰਤਾਰੇ ਦੀ ਪ੍ਰੋੜ੍ਹਤਾ ਕਰਨ ਦਾ ਹੀ ਫੈਸਲਾ ਕਰਨਗੇ।

    ਨੋ ਫਾਲਟ ਸਕੀਮਾਂ ਦੇ ਨਤੀਜਿਆਂ ਕਾਰਨ ਸਾਡੀਆਂ ਸੜਕਾਂ ‘ਤੇ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਹੋਏ ਨੁਕਸਾਨ ਦੇ ਘੱਟ ਮੁਆਵਜ਼ੇ ਮਿਲਣਗੇ। ਉਦਾਹਰਣ ਦੇ ਤੌਰ ‘ਤੇ, ਦਰਦ ਜਾਂ ਦੁੱਖ ਭੁਗਤਣ ਤੇ ਜੀਵਨ ਦਾ ਅਨੰਦ ਮਾਨਣ ਦਾ ਖ਼ਾਤਮਾ ਹੋਣ ਦੇ ਨੁਕਸਾਨਾਂ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ।  ਨੋ ਫਾਲਟ ਨਾਲ, ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਜਾਰੀ ਰੱਖਣ ਲਈ, ਵਿਅਕਤੀਆਂ ਨੂੰ ਮੁਆਵਜ਼ੇ ਦਾ ਭੁਗਤਾਨ ਇਕੱਠਾ ਇੱਕ ਵਾਰ ਹੀ ਨਹੀਂ ਕੀਤਾ ਜਾਂਦਾ, ਸਗੋਂ ਇਸ ਦੀ ਬਜਾਏ, ICBC ਅਡਜਸਟਰ ਕੋਲ  ਹੀ ਮੁਆਵਜ਼ੇ ਦੀ ਰਕਮ ਥੋੜ੍ਹੀ ਥੋੜ੍ਹੀ ਦੇਣ ਲਈ ਨਿਰਦੇਸ਼ ਦੇਣ ਦਾ ਕੰਟਰੋਲ ਹੁੰਦਾ ਹੈ।